Monday, July 20, 2015

ਹਰ ਧਰਮ ਦਿੰਦਾ ਹੈ ਸ੍ਵੈ-ਪੂਜਾ ਦਾ ਸੁਨੇਹਾ

ਧਰਮ ਵਿਚ ਸ੍ਵੈ-ਪੂਜਾ ਦੇ ਸੁਨੇਹੇ ਉਤੇ ਭਾਵੇਂ ਕੁਝ ਫਾਂਸੀਸੀ ਅਤੇ ਜਰਮਨ ਸਮਾਜ-ਸ਼ਾਸਤਰੀਆਂ ਨੇ ਚਾਨਣਾ ਪਇਆ ਹੋਵੇ ਪਰੰਤੂ ਕਿਸੇ ਭਾਰਤੀ ਯਾਂ ਪੰਜਾਬੀ ਸਮਾਜ-ਸ਼ਾਸਤਰੀ ਨੇ ਅੱਜ ਤਕ ਇਸ ਵਿਸ਼ੇ ਨੂੰ ਨਹੀਂ ਛੇੜਿਆ| ਭਾਰਤ ਦੇ ਇਕ ਵਿਕਾਸਸ਼ੀਲ ਦੇਸ਼ ਹੋਣ ਦਾ ਸਦਕਾ ਇਥੇ ਧਰਮ ਦੀ ਪ੍ਰਧਾਨਤਾ ਬਹੁਤ ਜ਼ਿਆਦਾ ਹੈ ਅਤੇ  ਜਿਸ ਦਿਨ ਭਾਰਤ ਵਿਚ ਧਰਮ ਅਤੇ ਧਾਰਮਿਕ ਕਰਮ-ਕਾਂਡਾਂ ਦੀ ਪ੍ਰਧਾਨਤਾ ਖਤਮ ਹੋ ਜਾਵੇਗੀ, ਇਸਦੀ ਗਿਣਤੀ ਵਿਕਸਿਤ ਦੇਸ਼ਾਂ ਵਿਚ ਹੋਣ ਲੱਗ ਪਵੇਗੀ|



ਹਰ ਧਰਮ ਦਾ ਆਧਾਰ ਇਕ ਅਲੌਕਿਕ ਸ਼ਕਤੀ (divine/ supernatural power) ਦੀ ਹੋਂਦ ਦੇ ਵਿਸ਼ਵਾਸ ਉਤੇ ਟਿਕਿਆ ਹੋਇਆ ਹੈ ਅਤੇ ਹਰੇਕ ਧਾਰਮਿਕ ਕਰਮ-ਕਾਂਡ ਅਤੇ ਗ੍ਰੰਥਾਂ ਵਿਚ ਲਿਖੀਆਂ ਤੁਕਾਂ ਮਨੁਖ ਅਤੇ ਸਮਾਜ ਨੂੰ ਉਸ ਅਲੌਕਿਕ ਸ਼ਕਤੀ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ| ਏਮਿਲੇ ਦੁਰਖੀਏਂ (Emile Durkhiem) ਵਰਗੇ ਕੁਝ ਫ੍ਰਾਂਸੀਸੀ ਸਮਾਜ-ਸ਼ਰਤਰੀਆਂ ਦਾ ਮੰਨਣਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਜਾਂ ਸਮਾਜ ਉਸ ਅਲੌਕਿਕ ਸ਼ਕਤੀ ਅੱਗੇ ਝੁਕਦਾ ਹੈ ਜਾਂ ਉਸਦਾ ਪੂਜਨ ਕਰਦਾ ਹੈ, ਅਸਲ ਵਿਚ ਓ ਆਪਣੇ ਆਪ ਦਾ ਪੂਜਨ ਕਰ ਰਿਹਾ ਹੁੰਦਾ ਹੈ| ਇਹ ਵਿਚਾਰ ਬਹੁਤ ਸ਼ਲਾਘਾਯੋਗ ਹੈ ਕਿਓਂਕਿ ਵਿਗਿਆਨ ਦੇ ਤਰੱਕੀ ਕਰਨ ਦੇ ਨਾਲ ਕਿਸੇ ਵੀ ਇਕੱਲੇ ਵਿਅਕਤੀ ਅਤੇ ਸਮਾਜ ਦੀ ਸ਼ਕਤੀ ਵਿਚ ਅਥਾਹ ਵਾਧਾ ਹੋਇਆ ਹੈ| ਇਸ ਵਿਅਕਤੀਗਤ ਅਤੇ ਸਮਾਜਕ ਸ਼ਕਤੀ ਨੀ ਉਸਾਰੂ .ਬਨਾਉਣ ਦੇ ਵਿਚ ਧਰਮ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ|



ਇਥੇ ਇਹ ਗੱਲ ਵੀ ਜ਼ਿਕਾਰਯੋਗ ਹੈ ਕਿ ਪੜ੍ਹੇ-ਲਿਖੇ ਅਤੇ ਸਿਖਿਅਤ ਸਮਾਜ ਦੇ ਵਿਚ ਧਰਮ ਉਤੇ ਨਿਰਭਰਤਾ ਘਟਦੀ ਜਾਂਦੀ ਹੈ ਜਿਸ ਕਾਰਣ ਧਾਰਮਿਕ ਅਸਥਾਨਾਂ ਨੂੰ ਚਲਦਾ ਰਖਣ ਲਈ ਉੰਨਾ ਦਾ ਵਪਾਰੀਕਰਣ ਕਰ ਦਿੱਤਾ ਜਾਂਦਾ ਹੈ ਅਤੇ ਧਰਮ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਜਾਂਦਾ ਹੈ| ਦੂਸਰਾ ਪੱਖ ਜੋ ਮੈਂ ਪੇਸ਼ ਕਰਨਾ ਚਾਹੁੰਦਾ ਹਾਂ ਓ ਇਹ ਹੈ ਕਿ ਜੇਕਰ ਧਰਮ ਦੀ ਬੁਨਿਆਦ ਉਸ ਅਲੌਕਿਕ ਸ਼ਕਤੀ ਦਾ ਪੂਜਨ ਹੈ ਅਤੇ ਉਸਦੇ ਦੂਸਰੇ ਉਦੇਸ਼ ਜਿਵੇਂ ਚਰਿਤਰ-ਨਿਰਮਾਣ ਅਤੇ ਜੀਵਨ-ਜਾਚ ਉਸੇ ਸਿਧਾਂਤ ਉਤੇ ਟਿੱਕੇ ਹਨ, ਤਾਂ ਫਿਰ ਅੱਡ-ਅੱਡ ਧਰਮਾਂ ਦੀ ਅੱਡ-ਅੱਡ ਜੀਵਨ-ਜਾਚ ਦਾ ਖੋਖਲਾਪਨ ਵੀ ਸਾਹਮਣੇ ਔਂਦਾ ਹੈ|

ਆਪਣੇ ਇਸ ਲੇਖ ਦੇ ਵਿਸ਼ੇ ਵੱਲ ਮੁੜ ਤੋਂ ਧਿਆਨ ਕਰਦੇ ਹੋਏ ਮੈਂ ਇਹ ਗਲ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੇਰਾ ਉਦੇਸ਼ ਵੱਖ-ਵੱਖ ਧਰਮਾਂ ਦੇ ਪੀਰ-ਪੈਗੰਬਰਾਂ ਦੀ ਸਮਝ ਅਤੇ ਦੂਰ-ਦ੍ਰਿਸ਼ਟੀ ਨੂੰ ਲਲਕਾਰਨਾ ਜਾਂ ਉਸਤੇ ਵਿਅੰਗ ਕਰਨਾ ਨਹੀਂ, ਬਲਕਿ ਉਨਾਂ ਦੀ ਸਮਝ ਅਤੇ ਦੂਰ-ਦ੍ਰਿਸ਼ਟੀ ਨੂੰ ਇਕਿਵੀਂ ਸਦੀ ਦੇ ਮਨੁਖ ਲਈ ਕਾਰਗਰ ਬਣਾਉਨਾ ਹੈ| ਜੇ ਇਕਿਵੀਂ ਸਦੀ ਦਾ ਸਾਧਾਰਨ ਮਨੁਖ ਗ੍ਰੰਥਾਂ ਨੂੰ ਨਹੀਂ ਟਟੋਲਦਾ, ਉਹ ਉਨਾਂ ਮਾਪਦੰਡਾਂ ਤੋਂ ਕਦੇ ਵੀ ਜਾਣੂ ਨਹੀਂ ਹੋ ਸਕਦਾ ਜੋ ਉਸਨੂੰ ਇਸ ਗੱਲ ਦਾ ਚਾਨਣਾ ਕਰੌਣ ਕਿ "ਕੀ ਅਲੌਕਿਕ ਹੈ ?" ਅਤੇ "ਕੀ ਅਲੌਕਿਕ ਨਹੀਂ ?", ਕਿਓਂਕਿ ਗ੍ਰੰਥ ਟਟੋਲਨ ਤੋਂ ਬਾਦ ਵੀ ਇਹ ਫਰਕ ਕਰਨਾ ਬਹੁਤ ਮੁਸ਼ਕਿਲ ਹੈ| ਇਹ ਕਿਹਾ ਜਾ ਸਕਦਾ ਹੈ ਕਿ ਇਥੇ ਸਿਰਫ ਬਿਰਤੀ ਦਾ ਫਰਕ ਹੈ, ਕੋਈ ਵੀ ਅਧਿਆਤਮਿਕ ਬਿਰਤੀ ਵਾਲਾ ਵਿਅਕਤੀ ਆਮ ਚੀਜ਼ਾਂ ਅਤੇ ਘਟਨਾਵਾਂ ਨੂੰ ਵੀ ਅਲੌਕਿਕਤਾ ਦੀ ਨਿਗਾਹ ਨਾਲ ਵੇਖਦਾ ਹੈ| ਕਦੇ-ਕਦੇ ਤਾਂ ਬ੍ਰਹਮ-ਗਿਆਨ ਹਾਸਲ ਕਰਨ ਤੋਂ ਬਾਦ ਵੀ ਵਿਅਕਤੀ "ਪਵਿੱਤਰ ਤੇ ਅਪਵਿੱਤਰ", "ਪਾਪ ਤੇ ਪੁੰਨ" ਦਾ ਫਰਕ ਕਰਨ ਦੇ ਜਾਲ ਵਿਚ ਫੱਸ ਜਾਂਦਾ ਹੈ, ਅਤੇ ਮੁੱੜ ਉਨਾਂ ਹੀ ਵਿਹਮਾਂ-ਭਰਮਾਂ ਦਾ ਸ਼ਿਕਾਰ ਬਣ ਜਾਂਦਾ ਹੈ ਜਿਨਾਂ ਤੋਂ ਛੁਟਕਾਰਾ ਪੌਣ ਲਈ ਓ ਧਰਮ ਦੇ ਰਸਤੇ ਉਤੇ ਤੁਰਦਾ ਹੈ|

ਜੇਕਰ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਕ ਤੁੱਕ ਦੀ ਕੀਤੀ ਜਾਵੇ ਤਾਂ ਉਥੇ ਇਹ ਦਰਜ ਹੈ:

"ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਣ ||"

ਕੋਈ ਵੀ ਸਮਾਜ-ਸ਼ਾਸਤਰੀ ਜੋ ਕਿ ਮਾਰਕਸ ਤੋਂ ਪਰਭਾਵਿਤ ਹੋਵੇ ਜਾਂ ਫੇਰ ਨਾਸਤਿਕ ਹੋਵੇ, ਇਸ ਤੁੱਕ ਨੂੰ ਆਲੋਚਨਾਤਮਕ ਤੌਰ ਤੇ ਦੇਖ ਸਕਦਾ ਹੈ, ਪਰ ਨਿਜੀ ਤੌਰ ਤੇ ਮੈਂ ਗੁਰਬਾਣੀ ਵਿਚ ਸ਼ਰਧਾ ਰਖਦਾਂ ਹਾਂ ਅਤੇ ਉਸਤੋਂ ਪਰਭਾਵਿਤ ਵੀ ਹਾਂ| ਇਸ ਤੁੱਕ ਨੂੰ ਪੂਰਨ ਸਨਮਾਨ ਦਿੰਦੇ ਹੋਏ ਜੇ ਮੈਂ ਇਹ ਕਹਾਂ, ਇਦਸਾ ਉਦੇਸ਼ ਇਹ ਹੈ ਕਿ ਮਨੁਖ ਆਪਣੇ ਆਪ ਦੀ ਅਲੌਕਿਕਤਾ ਨੂੰ ਪਛਾਣੇ ਅਤੇ ਉਸ ਅਸੀਮ ਸ਼ਕਤੀ ਨਾਲ ਜੁੜੇ ਜਿਸਦਾ ਓ ਇਕ ਸੂਖਮ ਜਿਹਾ ਅੰਸ਼ ਹੈ| ਇਸੇ ਤਰਾਂ ਭਾਵੇਂ ਸਨਾਤਨ ਮੱਤ ਹੋਵੇ, ਭਾਵੇਂ ਇਸਲਾਮ, ਭਾਵੇਂ ਇਸਾਈ ਮੱਤ ਹੋਵੇ, ਸਭ ਧਰਮਾਂ ਨੇ ਓਸ ਅਕਾਲ ਪੁਰਖ ਦੀ ਅਰਾਧਨਾ ਦੇ ਨਾਲ-ਨਾਲ, ਆਪਣੇ ਸ਼ਰਧਾਲੂਆਂ ਨੂੰ ਵਿਅਕਤੀਗਤ ਅਤੇ ਸਮਾਜਿਕ ਰੂਪ ਵਿਚ ਸ੍ਵੈ-ਪੂਜਾ ਦਾ ਸੁਨੇਹਾ ਦਿੱਤਾ ਹੈ|

No comments:

Post a Comment